ਠਾਕੁਰ ਦਲੀਪ ਸਿੰਘ
‘ਨਾਮ’ ਅਤੇ ‘ਬਾਣੀ’ ਦੋਵੇਂ ਵੱਖੋ-ਵੱਖ ਹਨ। ‘ਬਾਣੀ’ ਸਾਨੂੰ ‘ਨਾਮ’ ਜਪਣ ਦੀ ਪ੍ਰੇਰਣਾ ਦਿੰਦੀ ਹੈ ਅਤੇ ਸਾਡੇ ਸਾਹਮਣੇ ਇਹ ਤੱਥ ਰੱਖਦੀ ਹੈ ਕਿ ਜੇ ‘ਨਾਮ’ ਨਾ ਜਪੀਏ; ਤਾਂ ਜੀਵਨ ਕਿਵੇਂ ਵਿਅਰਥ ਬਣ ਕੇ, ਦੁੱਖਾਂ ਨਾਲ ਭਰ ਜਾਂਦਾ ਹੈ। ਨਾਮ ਰਸਨਾ ਨਾਲ ਜਪਿਆ ਜਾਂਦਾ ਹੈ।ਬਾਣੀ ‘ਨਾਮ’ ਜਪਣ ਲਈ ਪ੍ਰੇਰਿਤ ਕਰਨ ਵਾਲਾ ਐਸਾ ਦੀਪਕ ਹੈ ਜੋ ਸਾਨੂੰ ਰਾਹ ਦਿਖਾਉਂਦਾ ਹੈ ਕਿ ਮਨੁੱਖੀ ਜੀਵਨ ਦਾ ਅਸਲੀ ਲਕਸ਼ “ਮੁਕਤੀ”, ਨਾਮ ਜਪ ਕੇ ਹੀ ਪੂਰਾ ਹੁੰਦਾ ਹੈ। ਬਾਣੀ ਸਾਨੂੰ ਨਾਮ ਜਪਣ ਦੇ ਮਹੱਤਵ ਅਤੇ ਇਸ ਦੇ ਅਭਿਆਸ ਦੁਆਰਾ ਪ੍ਰਾਪਤ ਹੋਣ ਵਾਲੇ ਅਨਮੋਲ ਖਜ਼ਾਨਿਆਂ ਬਾਰੇ ਸਿਖਾਉਂਦੀ ਹੈ। ਇਸ ਤਰ੍ਹਾਂ ਬਾਣੀ ਸਾਨੂੰ ਨਾਮ ਜਪਣ ਦੇ ਲਾਭ ਦਰਸਾਉਂਦੀ ਅਤੇ ਸਮਝਾਉਂਦੀ ਹੈ। ਪਰ ਬਾਣੀ ਖੁਦ ਨਾਮ ਨਹੀਂ। ਨਾਮ ਤਾਂ ਉਹ ਗੁਰਮੰਤ੍ਰ ਹੈ ਜੋ ਗੁਰੂ ਦੁਆਰਾ ਸਿੱਖ ਨੂੰ ਕੰਨ ਵਿੱਚ ਦਿੱਤਾ ਜਾਂਦਾ ਹੈ।
ਵਿਚਾਰਨ ਯੋਗ ਹੈ ਕਿ ਗੁਰੂ ਜੀ ਦੇ ਸ੍ਰੀ ਮੁਖਵਾਕ ਤੋਂ ਉਚਾਰੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ ਉੱਥੇ ਗੁਰੂ ਜੀ ਨੇ ਹਜ਼ਾਰਾਂ ਵਾਰੀ ਨਾਮ ਜਪਣ ਦਾ ਆਦੇਸ਼ ਕੀਤਾ ਹੈ। ਬਾਣੀ ਵਿੱਚ ਨਾਮ ਜਪਣਾ ਇਨਾਂ ਜ਼ਰੂਰੀ ਲਿਖਿਆ ਹੈ ਜਿਹੜੀ ਰਸਨਾ ਨਾਮ ਨਹੀਂ ਜਪਦੀ ਉਸ ਨੂੰ ਤਿਲ-ਤਿਲ ਕਰ ਕੇ ਕੱਟ ਦਿੱਤਾ ਜਾਵੇ। ਜਿਸ ਘਰ, ਸ਼ਹਿਰ ਜਾਂ ਪਿੰਡ ਵਿੱਚ ਨਾਮ ਨਹੀਂ ਜਪਿਆ ਜਾਂਦਾ ਉਹ ਵੱਸਦੇ ਸ਼ਹਿਰ ਭੀ ਉਜਾੜਦੇ ਸਮਾਨ ਹਨ। ਜਿਹੜੇ ਨਾਮ ਨਹੀਂ ਜਪਦੇ ਉਹ ਵਿਸਟਾ ਮਨੁੱਖੀ ਗੰਦਗੀ ਦੇ ਕੀੜਿਆਂ ਵਾਂਗ, ਵਿਸਟਾ ਵਿੱਚ ਹੀ ਪਏ ਰਹਿੰਦੇ ਹਨ। ਜਿਹੜੇ ਮਨਮੁਖ ਮਨੁੱਖ ਨਾਮ ਨਹੀਂ ਜਪਦੇ, ਨਾਮ ਦੀ ਥਾਂ ਦੁਨਿਆਵੀ ਰਸਾਂ ਵਿੱਚ ਲਿਪਤ ਰਹਿੰਦੇ ਹਨ ਉਹਨਾਂ ਦੇ ਮੂੰਹ ਉਤੇ ਥੁੱਕਾਂ ਪੈਂਦੀਆਂ ਹਨ। ਗੁਰਬਾਣੀ ਵਿੱਚ ਬਹੁਤ ਥਾਂ ਤੇ ਨਾਮ ਜਪਣ ਦੇ ਲਾਭ ਲਿਖੇ ਹੋਏ ਹਨ। ਜਿਵੇਂ ਨਾਮ ਜਪਣ ਨਾਲ ਹਰ ਤਰ੍ਹਾਂ ਦੇ ਸੁੱਖ ਮਿਲਦੇ ਹਨ ਅਤੇ ਦਰਗਾਹ ਵਿੱਚ ਵੀ ਵਧੀਆ ਅਸਥਾਨ ਪ੍ਰਾਪਤ ਹੁੰਦਾ ਹੈ ਨਾਮ ਜਪਣ ਨਾਲ ਕਰੋੜਾਂ ਪਾਪ ਮਿਟ ਜਾਂਦੇ ਹਨ। ਨਾਮ ਜਪਣ ਕਰ ਕੇ ਕੰਮ ਵਿੱਚ ਅਟਕਾ ਕਦੇ ਨਹੀਂ ਪੈਂਦੀਆਂ। ਪ੍ਰਭੂ ਦਾ ਨਾਮ ਜਪਦਿਆਂ ਸਾਰੇ ਰੋਗ, ਫਿਕਰ, ਦੁੱਖ ਮਿਟ ਜਾਂਦੇ ਹਨ। ਦਿਨ-ਰਾਤ ਹਰੀ ਨਾਮ ਜਪਣ ਨਾਲ ਮਨੁੱਖ ਮਨ ਚਾਹਿਆ ਫਲ ਪ੍ਰਾਪਤ ਕਰ ਲੈਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਪੜ੍ਹਨ ਜਾਂ ਬਾਣੀ ਗਾਉਣ ਦੇ ਆਦੇਸ਼ ਵਾਲੀਆਂ ਪੰਕਤੀਆਂ ਤਾਂ ਕੁਝ ਹੀ ਲੱਭਣਗੀਆਂ। ਪਰ ਨਾਮ ਜੱਪਣ ਅਤੇ ਕੀਰਤਨ ਕਰਨ ਦੇ ਆਦੇਸ਼ ਵਾਲੀਆਂ ਪੰਕਤੀਆਂ ਹਜਾਰਾਂ ਮਿਲ ਜਾਣਗੀਆਂ। ਬਾਣੀ ਵਿੱਚ ਕਿਤੇ ਵੀ ਇਹ ਲਿਖਿਆ ਨਹੀਂ ਮਿਲਦਾ ਕਿ ਜਿਸ ਘਰ ਵਿੱਚ ਜਾਂ ਜਿਸ ਪਿੰਡ ਵਿੱਚ ਬਾਣੀ ਨਾ ਪੜ੍ਹੀ ਜਾਂਦੀ ਹੋਵੇ ਉੱਥੇ ਭੂਤਾਂ ਦਾ ਵਾਸਾ ਹੈ, ਜਾਂ ਉਹ ਘਰ, ਸ਼ਹਿਰ ਉਜਾੜ ਸਮਾਨ ਹਨ। ਜਾਂ ਜਿਹੜੀ ਰਸਨਾ ਬਾਣੀ ਨਾ ਪੜ੍ਹਦੀ ਹੋਵੇ ਉਹ ਰਸਨਾ ਤਿਲ-ਤਿਲ ਕਰਕੇ ਕੱਟੀ ਜਾਣੀ ਚਾਹੀਦੀ ਹੈ ਆਦਿ।
ਅੱਜ-ਕੱਲ ਪੰਥ ਵਿੱਚ ਬਾਣੀ ਪੜ੍ਹਨ ਦਾ ਬਹੁਤ ਜਿਆਦਾ ਰੁਝਾਨ ਹੈ। ਜੋ ਬਹੁਤ ਵਧੀਆ ਕੰਮ ਹੈ। ਪਰ ਬਾਣੀ ਵਿੱਚ ਲਿਖੇ ਹੋਏ “ਨਾਮ ਜਪਣ”, “ਕੀਰਤਨ ਕਰਨ” ਵਾਲੇ ਹੁਕਮ ਨੂੰ ਮੰਨਣ ਦਾ ਰੁਝਾਨ ਬਹੁਤ ਘਟ ਗਿਆ ਹੈ। ਜੋ ਠੀਕ ਨਹੀਂ। ਆਪਾਂ ਨੂੰ ਗੁਰੂ ਆਸ਼ੇ ਅਤੇ ਗੁਰੂ ਕੇ ਆਦੇਸ਼ ਅਨੁਸਾਰ ਚੱਲਣਾ ਚਾਹੀਦਾ ਹੈ ਤਾਂ ਹੀ ਅਸੀਂ ‘ਸੱਚੇ ਸਿੱਖ,ਗੁਰਮੁਖ’ ਹਾਂ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਕਾ ਆਦੇਸ਼ ਸਭ ਤੋਂ ਵੱਧ ਵਾਰੀ ਮੁੱਖ ਰੂਪ ਵਿੱਚ ਨਾਮ ਜਪਣ” ਦਾ ਹੈ। ਉਸ ਤੋਂ ਦੂਸਰੇ ਥਾਂ ਉੱਤੇ ਹਰੀ ਕੀਰਤਨ ਕਰਨਾ ਭਾਵ ਪ੍ਰਭੂ ਸੋਭਾ, ਹਰੀ ਜਸ ਵਾਲੀ ਬਾਣੀ ਨੂੰ ਗਾਉਣ ਦਾ ਆਦੇਸ਼ ਲਿਖਿਆ ਹੈ। ਇਹ ਵੀ ਸਪੱਸ਼ਟ ਕਰ ਕੇ ਸਮਝਣ ਦੀ ਲੋੜ ਹੈ ਕਿ ਬਾਣੀ ਦੀ ਹਰ ਪੰਕਤੀ ਪ੍ਰਭੂ-ਸੋਭਾ ਨਹੀਂ ਅਤੇ ਕੀਰਤਨ ਕਰਨ ਵਾਸਤੇ ਵੀ ਨਹੀਂ ਲਿਖੀ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਨੂੰ ਗਾਉਣ ਦਾ ਹੁਕਮ ਤਾਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਗਾਉਣ ਦਾ ਇਸ ਰੂਪ ਵਿੱਚ ਇਸ ਤਰ੍ਹਾਂ ਦਾ ਵਿਸ਼ੇਸ਼ ਹੁਕਮ ਨਹੀਂ ਜਿਵੇਂ ਦਾ ਵਿਸ਼ੇਸ਼ ਹੁਕਮ ਹਰ ਸਮੇਂ ਨਾਮ ਜਪਣ ਦਾ ਅਤੇ ਹਰੀ ਕੀਰਤਨ ਕਰਨ ਦਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਸ ਤਰ੍ਹਾਂ ਨਾਮ ਨਾ ਜਪਣ ਦੀਆਂ ਹਾਨੀਆਂ ਲਿਖੀਆਂ ਹਨ । ਬਾਣੀ ਪੜ੍ਹਨ ਦੇ ਕੇਵਲ ਚਾਰ ਕੁ ਥਾਵਾਂ ਉੱਪਰ ਹੀ ਲਾਭ ਲਿਖੇ ਹਨ। ‘ਅਨੰਦ ਸਾਹਿਬ’ ਨਾਮ ਦੀ ਬਾਣੀ ਨੂੰ ਪੜ੍ਹ ਕੇ, ਸੁਣ ਕੇ ਮੰਨਣ ਵਾਲੇ ਪਵਿੱਤਰ ਹੋ ਜਾਂਦੇ ਹਨ। ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਦੁੱਖ, ਰੋਗ, ਕਲੇਸ਼ ਮਿਟ ਕੇ, ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ। ਪ੍ਰਭੂ-ਪ੍ਰਾਪਤੀ ਹੋ ਕੇ ਗੁਰੂ ਜੀ ਦੀ ਚਰਨੀਂ ਲੱਗਣ ਨਾਲ ਰਸ-ਭਰਪੂਰ ਹੋ ਕੇ ਅਨਹਦ ਵਾਜੇ ਵੱਜਣ ਲੱਗ ਪੈਂਦੇ ਹਨ।
ਪਰ ਗੁਰੂ ਜੀ ਨੇ ਹਰ ਰੋਜ਼ ਕੋਈ ਇੱਕ ਵਿਸ਼ੇਸ਼ ਬਾਣੀ ਜਾਂ ਬਹੁਤ ਸਾਰੀਆਂ ਬਾਣੀਆਂ ਪੜ੍ਹਨ ਵਾਸਤੇ ਕੋਈ ਵਿਸ਼ੇਸ਼ ਆਦੇਸ਼ ‘ਸ੍ਰੀ ਮੁੱਖ’ ਤੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਾਂ ਹਸਤਲਿਖਤ ਹੁਕਮਨਾਮਿਆਂ ਵਿੱਚ ਨਹੀਂ ਕੀਤਾ। ਜਿਸ ਤਰ੍ਹਾਂ ਦਾ ਜ਼ਰੂਰੀ ਆਦੇਸ਼ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾਮ-ਜਪਣ ਦਾ ਅਤੇ ਹਰੀ-ਕੀਰਤਨ ਕਰਨ ਦਾ ਕੀਤਾ ਹੈ। ਸੰਭਵ ਹੈ ‘ਪ੍ਰੇਮ ਸੁਮਾਰਗ’ ਗ੍ਰੰਥ ਅਤੇ ਰਹਿਤਨਾਮਿਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਸਿੱਖ ਪੰਥ ਵਿੱਚ ਬਹੁਤ ਸਾਰੀਆਂ ਬਾਣੀਆਂ ਦੇ ਹਰ ਰੋਜ ਬਹੁਤ ਸਾਰੇ ਪਾਠ ਕਰਨ, ਸਧਾਰਨ ਪਾਠ ਕਰਨ ਅਤੇ ਅਖੰਡ ਪਾਠ ਕਰਨ ਦੀ ਪਰੰਪਰਾ ਪ੍ਰਚੱਲਿਤ ਹੋ ਗਈ ਹੈ। ਪ੍ਰੰਤੂ, ਗੁਰੂ ਜੀ ਨੇ ਨਾਮ-ਜਪਣ ਅਤੇ ਕੀਰਤਨ ਕਰਨ ਦੇ ਜੋ ਦੋ ਆਦੇਸ਼ ਸਭ ਤੋਂ ਵੱਧ ਵਾਰੀ ਗੁਰਬਾਣੀ ਵਿੱਚ ‘ਸ੍ਰੀ ਮੁੱਖ’ ਤੋਂ ਕੀਤੇ ਹਨ, ਉਹਨਾਂ ਦੋ ਆਦੇਸ਼ਾਂ ਦਾ ਪਾਲਣ ਕਰਨਾ ਬਹੁਤ ਘੱਟ ਗਿਆ ਹੈ।
ਸਾਧ ਸੰਗਤ ਜੀ ਬੇਨਤੀ ਹੈ ਕਿ ਗੁਰੂ ਜੀ ਦਾ ਹੁਕਮ ਮੰਨਦੇ ਹੋਏ ਨਾਮ ਜਰੂਰ ਜਪਿਆ ਕਰੋ।
ਵਿਸ਼ੇਸ਼: ਗੁਰਬਾਣੀ ਵਿੱਚ ਸਾਰੇ ਸ਼ਬਦ, ਪੰਕਤੀਆਂ; ਹਰੀ ਸੋਭਾ ਨਹੀਂ ਹਨ ਅਤੇ ਨਾ ਹੀ ‘ਕੀਰਤਨ’ ਕਰਨ ਵਾਸਤੇ ਲਿਖੀਆਂ ਗਈਆਂ ਹਨ। ਬਹੁਤ ਸਾਰੇ ਸ਼ਬਦ ਅਤੇ ਪੰਕਤੀਆਂ, ਵੱਖੋ ਵੱਖਰੇ ਵਿਸ਼ਿਆਂ ਨਾਲ ਸੰਬੰਧਿਤ ਹਨ; ਜੋ ਕਥਾ ਵਿੱਚ ਪ੍ਰਮਾਣ ਦੇਣ ਲਈ ਵਰਤੀਆਂ ਜਾ ਸਕਦੀਆਂ ਹਨ। ਉਹਨਾਂ ਸ਼ਬਦਾਂ ਅਤੇ ਪੰਕਤੀਆਂ ਵਿੱਚ ਕਿਤੇ ‘ਵਿਅੰਗ’ ਹੈ “ਰੋਟੀਆ ਕਾਰਣਿ ਪੂਰਹਿ ਤਾਲ॥ ਆਪੁ ਪਛਾੜਹਿ ਧਰਤੀ ਨਾਲਿ” (ਮ. ੧), “ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥ ਗਲੀ ਜਿਨਾੑੑ ਜਪਮਾਲੀਆ ਲੋਟੇ ਹਥਿ ਨਿਬਗ” (ਕਬੀਰ ਜੀ, ਪੰਨਾ 476)। ਕਿਤੇ ‘ਇਤਿਹਾਸ’ ਹੈ “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ” (ਮ. ੧), “ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ” (ਮ. ੧)। ਕਿਤੇ ‘ਸਿੱਖਿਆਵਾਂ’ ਹਨ “ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ॥ ਖਿੰਥਾ ਕਾਲੁ ਕੁਆਰੀ ਕਾਇਆ ਜੁਗਤਿ ਡੰਡਾ ਪਰਤੀਤਿ॥ ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ” (ਮ. ੧), ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋ ਦੁਖੁ ਕਮਾਇਆ” (ਮ. ੩) ਆਦਿ। ਉਪਰੋਕਤ ਪੰਕਤੀਆਂ ਹਰੀ ਸੋਭਾ ਨਾ ਹੋਣ ਕਰ ਕੇ, ‘ਕੀਰਤਨ’ ਸ਼ਬਦ ਵਿੱਚ ਢੁਕਦੀਆਂ ਨਹੀਂ।
ਗੁਰੂ ਨਾਨਕ ਨਾਮ ਲੇਵਾ ਨੂੰ ਮੇਰੀ ਬੇਨਤੀ ਹੈ ਕਿ ਗੁਰੂ ਆਸ਼ੇ ਅਨੁਸਾਰ ਗੁਰੂ ਕੇ ਆਦੇਸ਼ ਨੂੰ ਮੰਨਦੇ ਹੋਏ ਨਾਮ ਜਪਣ ਅਤੇ ਹਰੀ ਕੀਰਤਨ ਕਰਨ ਲਈ ਵੱਧ ਬਲ ਦਿੱਤਾ ਜਾਵੇ।
ਕਿਸੇ ਮਨੋਰਥ ਦੀ ਪ੍ਰਾਪਤੀ ਵਾਸਤੇ, ਕਿਸੇ ਵਿਸ਼ੇਸ਼ ਬਾਣੀ ਦੇ, ਵਿਸ਼ੇਸ਼ ਢੰਗ ਨਾਲ ਪਾਠ ਕਰਨੇ ਆਪਣੀ ਥਾਂ ਤੇ ਠੀਕ ਹਨ। ਪਾਠ ਕਰਨ ਨਾਲ ਸ਼ਰਧਾਲੂਆਂ ਦੇ ਮਨੋਰਥ ਪੂਰੇ ਹੁੰਦੇ ਹਨ। ਬਾਣੀ ਪੜ੍ਹੀ-ਸੁਣੀ ਜਾਵੇ। ਬੇਨਤੀ ਹੈ ਕਿ ਬਾਣੀ ਪੜ੍ਹਨ ਜਾਂ ਸੁਣਨ ਤੇ ਘੱਟ ਸਮਾਂ ਲਾ ਕੇ ਬਾਣੀ ਵਿੱਚ ਲਿਖੇ ਨੂੰ ਮੰਨਣ ਲਈ ਬਹੁਤਾ ਸਮਾਂ ਲਾਇਆ ਜਾਵੇ ਅਤੇ ਬਾਣੀ ਵਿੱਚ ਲਿਖੇ ਨੂੰ ਮੰਨਣ ਦਾ ਅਭਿਆਸ ਵੀ ਕੀਤਾ ਜਾਵੇ। ਇਸ ਬੇਨਤੀ ਦਾ ਇਹ ਅਰਥ ਨਾ ਕੱਢਿਆ ਜਾਵੇ ਕਿ ਮੈਂ ਸਧਾਰਨ ਪਾਠ ਕਰਨ, ਅਖੰਡ ਪਾਠ ਕਰਨ ਜਾਂ ਬਾਣੀ ਪੜ੍ਹਨ ਦੇ ਵਿਰੋਧ ਵਿੱਚ ਹਾਂ।
Leave a Reply